ਐਸ.ਟੀ.ਐਫ ਵਲੋਂ ਅੰਮ੍ਰਿਤਸਰ ‘ਚੋ 1 ਹਜ਼ਾਰ ਕਰੋੜ ਦੀ ਹੈਰੋਇੰਨ ਫੜਨਾ ਇਕ ਬਹੁਤ ਵੱਡੀ ਪ੍ਰਾਪਤੀ- ਸੰਧੂ ਰਣੀਕੇ

ਸਰਕਾਰ ਐਸ.ਟੀ.ਐਫ ਦੇ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਨਿਵਾਜ਼ੇ

ਅੰਮ੍ਰਿਤਸਰ, 6 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਡੇਢ ਦਹਾਕੇ ਤੋਂ ਪੰਜਾਬ ਅੰਦਰ ਚੱਲ ਰਹੇ ਨਸ਼ਿਆਂ ਦੇ ਪ੍ਰਕੋਪ ਕਾਰਨ ਆਪਣੀਆਂ ਜਾਨਾਂ ਗੁਆ ਚੁੱਕੇ ਸੈਕੜੇ ਨੋਜ਼ਵਾਨਾਂ ਦੇ ਸਿਵਿਆਂ ਦੀ ਅੱਗ ਨਾਲ ਪੂਰਾ ਪੰਜਾਬ ਸੜ ਰਿਹਾ ਹੈ। ਸਿਵਿਆਂ ਦੀ ਅੱਗ ਦੇ ਸੇਕ ਨੇ ਪੰਜਾਬ ਦੀਆਂ ਕਈ ਮਾਵਾਂ, ਭੈਣਾਂ ਤੇ ਸੁਹਾਗਣਾਂ ਦੇ ਹਿਰਦੇ ਸਾੜ ਦਿੱਤੇ ਹਨ, ਪਰ ਸਿਆਸੀ ਲਾਰਿਆਂ ਤੇ ਕਿਸਮਤ ਦੇ ਮਾਰੇ ਇੰਨ੍ਹਾਂ ਲੋਕਾਂ ਨੂੰ ਕਿਸੇ ਪਾਸਿਓ ਵੀ ਠੰਡੀ ਹਵਾ ਦਾ ਝੋਕਾ ਆਉਦਾ ਨਜ਼ਰ ਨਹੀ ਆ ਰਿਹਾ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੁੜ ਨਸ਼ਿਆਂ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਅਤੇ ਬੀਤੇ ਦਿਨੀ ਐਸ.ਟੀ.ਐਫ ਵਲੋਂ ਅੰਮ੍ਰਿਤਸਰ ਵਿਚੋ 1 ਹਜ਼ਾਰ ਕਰੋੜ ਦੀ ਹੈਰੋਇੰਨ ਦੀ ਫੈਕਟਰੀ ਫੜਨਾ ਇਕ ਬਹੁਤ ਵੱਡੀ ਪ੍ਰਾਪਤੀ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਜਿੰਨ੍ਹਾਂ ਪੁਲਿਸ ਅਫਸਰਾਂ ਨੇ ਹੈਰੋਇੰਨ ਦੀ ਫੈਕਟਰੀ ਫੜੀ ਹੈ, ਦੀ ਹੋਸਲਾ ਅਫਜਾਈ ਲਈ ਤਰੱੱਕੀਆਂ ਦੇਣੀਆ ਚਾਹੀਦੀਆਂ ਹਨ ਤਾਂ ਜੋ ਉਹ ਭਵਿੱਖ ਵਿਚ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਹੈਰੋਇੰਨ ਦੇ ਵਪਾਰੀਆਂ ਦੇ ਪਰਦੇਫਾਸ ਕਰ ਸੱਕਣ। ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੀਆਂ ਡਫਲੀਆਂ ਵਜਾ ਰਹੀਆਂ ਹਨ ਅਤੇ ਇਕ ਦੂਜੇ ਤੇ ਚਿੱਕੜ ਸੁੱਟਣ ‘ਤੇ ਲੱਗੀਆਂ ਹੋਈਆਂ ਹਨ। ਜਿੰਨ੍ਹਾਂ ਦੇ ਰਾਜ ਭਾਗ ਵਿਚ ਪੰਜਾਬ ਚਿੱਟੇ ਦੀ ਲਪੇਟ ਵਿਚ ਆਇਆ ਅੱਜ ਉਹ ਹੀ ਲੋਕ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਦੂਸਰਿਆਂ ਨੂੰ ਕੋਸ ਰਹੇ ਹਨ। ਹਰ ਸਿਆਸੀ ਪਾਰਟੀ ਇਸ ਮੁੱਦੇ ‘ਤੇ ਲਾਹਾ ਲੈਣ ਲਈ ਤਤਪਰ ਰਹਿੰਦੀ ਹੈ।ਦੁੱਖ ਇਸ ਗੱਲ ਦਾ ਹੈ ਕਿ ਕਿਸੇ ਵੀ ਸਿਆਸਤਦਾਨ ਨੂੰ ਇੰਨ੍ਹਾਂ ਮਾਵਾਂ, ਭੈਣਾਂ ਤੇ ਵਿਧਵਾਵਾਂ ਦੀ ਚੀਕ ਸੁਣਾਈ ਨਹੀ ਦੇ ਰਹੀ ਅਤੇ ਸਿਆਸਤਦਾਨਾਂ ਦੇ ਲਾਰਿਆਂ ਤੇ ਸ਼ੋਰ-ਸ਼ਰਾਬਿਆਂ ਵਿਚ ਇੰਨ੍ਹਾਂ ਬੇਵੱਸ ਵਿਚਾਰੀਆਂ ਮਾਵਾਂ ਤੇ ਭੈਣਾਂ ਦੀਆਂ ਚੀਕਾਂ ਦੱਬ ਕੇ ਰਹਿ ਗਈਆਂ ਹਨ, ਕਿਉਕਿ ਇਹ ਸਿਆਸਤਦਾਨ ਦਿਨੋ-ਦਿਨ ਪੱਥਰ ਦਿਲ ਹੁੰਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਨਸ਼ਾਂ ਕਈ ਮਾਵਾਂ ਦੇ ਪੁੱਤ ਭੈਣਾਂ ਦੇ ਭਰਾ ਤੇ ਸੁਹਾਗਣਾ ਦੇ ਸੁਹਾਗ ਖਾ ਗਿਆ ਹੈ। ਸਰਕਾਰਾਂ ਨੂੰ ਨਸ਼ੇ ਦੇ ਖਾਤਮੇ ਲਈ ਯੋਗ ਨੀਤੀ ਬਣਾਉਣੀ ਸਮੇਂ ਦੀ ਮੁੱਖ ਲੋੜ ਹੈ। ਪੰਜਾਬ ‘ਚ ਬੇਰੁਜ਼ਗਾਰੀ ਦਾ ਵਹਿ ਰਿਹਾ ਦਰਿਆ ਅਤੇ ਯੋਗ ਖੇਡ ਨੀਤੀ ਦਾ ਨਾ ਹੋਣਾ ਵੀ ਮੁੱਖ ਕਾਰਨ ਹਨ। ਉਨ੍ਹਾਂ ਕਿਹਾ ਕਿ ਕਿਸੇ ਸਮੇਂ ਖੇਡਾਂ ‘ਚ ਮੱਲ੍ਹਾਂ ਮਾਰਨ ਵਾਲਾ ਸੂਬਾ ਅੱਜ ਬਾਕੀ ਸੂਬਿਆਂ ਨਾਲੋ ਫਾਡੀ ਹੋ ਕੇ ਰਿਹ ਗਿਆ ਹੈ। ਇੰਨ੍ਹਾਂ ਸਾਰਿਆਂ ਲਈ ਸਮੇਂ-ਸਮੇਂ ਦੀਆਂ ਹਕੂਮਤਾਂ ਹੀ ਮੁੱਖ ਜ਼ਿੰਮੇਵਾਰ ਹਨ। ਕੇਂਦਰ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨੋਜ਼ਵਾਨਾਂ ਦੇ ਉਜਵਲ ਭਵਿੱਖ ਨੂੰ ਦੇਖਦੇ ਹੋਏ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਉਪਰਾਲੇ ਕਰੇ।

Comments are closed.