ਘਰ ਦੀ ਛੱਤ ਡਿੱਗਣ ਨਾਲ 4 ਦੀ ਮੌਤ 1 ਜ਼ਖ਼ਮੀ

ਅੰਮ੍ਰਿਤਸਰ, 6 ਮਾਰਚ (ਰਾਜੂ ਵਾਲੀਆ)- ਤੇਜ਼ ਬਾਰਿਸ਼ ਦੇ ਕਾਰਨ ਪਿੰਡ ਮੂਲੇ ਚੱਕ ਵਿੱਚ ਇੱਕ ਘਰ ਅਚਾਨਕ ਛੱਤ ਡਿੱਗ ਜਾਣ ਨਾਲ 4 ਮੈਂਬਰਾਂ ਦੀ ਮੌਤ ਅਤੇ ੧ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਭਾਈ ਵੀਰ ਸਿੰਘ ਕਾਲੋਨੀ ਪਿੰਡ ਮੂਲੇ ਚੱਕ ਵਿਖੇ ਬੀਤੀ ਰਾਤ ਤੇਜ਼ ਬਾਰਿਸ਼ ਹੋਣ ਦੇ ਕਾਰਨ ਇੱਕ ਘਰ ਦੀ ਅਚਾਨਕ ਛੱਤ ਡਿੱਗ ਜਾਣ ਨਾਲ ਦੋ ਜੁੜਵਾਂ ਬੱਚਿਆਂ ਤੇ ਪਤੀ ਪਤਨੀ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਵੱਡੀ ਲੜਕੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ।
ਦੱਸਿਆ ਜਾ ਰਿਹਾ ਹੈ ਕਿ ਅਜੇ ਕੁਮਾਰ ਜੋ ਕਿ ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਪਤਨੀ ਮਾਨਵੀ ਅਤੇ ਦੋ ਜੁੜਵਾਂ ਬੱਚਿਆਂ ਤੇ ਲੜਕੀ ਨੈਨਾ (7) ਦੇ ਨਾਲ ਘਰ ਅੰਦਰ ਸੁੱਤਾ ਪਿਆ ਸੀ। ਘਰ ਦੀ ਛੱਤ ਬਾਲਿਆਂ ਵਾਲੀ ਹੋਣ ਕਾਰਨ ਤੇਜ਼ ਬਾਰਿਸ਼ ਨਾਲ ਅਚਾਨਕ ਬੀਤੀ ਰਾਤ ਉਸ ਦੇ ਘਰ ਦੀ ਛੱਤ ਡਿੱਗ ਗਈ। ਜਿਸ ਦੌਰਾਨ ਛੱਤ ਦੇ ਹੇਠਾਂ ਸੁੱਤੇ ਹੋਏ ਪੂਰੇ ਪਰਿਵਾਰ ਵਿੱਚੋਂ ਸਿਰਫ ਅਜੇ ਕੁਮਾਰ ਦੀ ਵੱਡੀ ਲੜਕੀ ਨੈਨਾ ਹੀ ਬਚੀ ਹੈ, ਜਦਕਿ ਘਰ ਦੇ ਦੂਸਰੇ ਮੈਂਬਰ ਅਜੇ ਕੁਮਾਰ, ਉਸਦੀ ਪਤਨੀ ਮਾਨਵੀ ਅਤੇ ਦੋ ਜੁੜਵਾਂ ਬੱਚੇ ਜਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਘਰ ਦੀ ਛੱਤ ਦੇ ਡਿੱਗਣ ਦਾ ਖੜਾਕ ਸੁਣ ਕੇ ਆਸ ਪਾਸ ਦੇ ਲੋਕ ਵੀ ਇਕੱਠੇ ਹੋ ਗਏ ਅਤੇ ਚਾਰੇ ਪਾਸੇ ਹਫੜਾ ਦੱਫੜੀ ਮੱਚ ਗਈ। ਜਦ ਤੱਕ ਆਸ ਪਾਸ ਦੇ ਲੋਕਾਂ ਵੱਲੋਂ ਮਲਬੇ ਹੇਠਾਂ ਦੱਬੇ ਪਰਵਾਰਿਕ ਮੈਂਬਰਾਂ ਨੂੰ ਕੱਢਿਆ ਗਿਆ ਤਦ ਤੱਕ ਘਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਚੁੱਕੀ ਸੀ, ਜਦ ਕਿ ਅਜੇ ਕੁਮਾਰ ਦੀ ਲੜਕੀ ਨੈਨਾ (7) ਜੋ ਕਿ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਿਸਨੂੰ ਤੁਰੰਤ ਨਜ਼ਦੀਕੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

Comments are closed.