ਨਿਡਰ ਅਤੇ ਬਹਾਦਰ ਨਾਇਕ ਅਨਮੋਲ ਕੌਰ ਦੇ ਯਾਦਗਾਰੀ ਪਲਾਂ ਨੂੰ ਯਾਦ ਕਰਦਿਆਂ

ਪੀ.ਟੀ.ਵੀ ਚੈਨਲ ਦੀ ਸਮੁੱਚੀ ਟੀਮ ਇਹੋ ਅਜਿਹੀਆਂ ਬਹਾਦਰ ਤੇ ਬੇਬਾਕ ਧੀਆਂ ਨੂੰ ਸਲਾਮ ਕਰਦੀ ਹੈ।

ਅੰਮ੍ਰਿਤਸਰ (ਅਜਨਾਲਾ) ਤੋਂ ਵਿਸ਼ੇਸ਼ ਰਿਪੋਰਟ  ਡਾ. ਐਸ.ਐਸ. ਵਿਰਦੀ

ਅਜੋਕੇ ਸਮੇਂ ਵਿੱਚ ਜਿੱਥੇ ਅਸੀਂ ਨਾਰੀ (ਔਰਤ) ਨੂੰ ਸਨਮਾਨ ਅਤੇ ਬਰਾਬਰੀ ਦੇ ਹੱਕ ਦੀ ਗੱਲ ਕਰਦੇ ਹਾਂ ਅਤੇ ਵਿਸ਼ਵ ਭਰ ਵਿੱਚ ਔਰਤਾਂ ਦਾ ਦਿਨ ਮਨਾਉਂਦੇ ਅਤੇ ਵੱਡੇ-ਵੱਡੇ ਐਲਾਨ ਕਰਦੇ ਹਾਂ ਕਿ ਹੁਣ ਔਰਤਾਂ ਮਰਦਾਂ ਤੋਂ ਘੱਟ ਨਹੀਂ, ਉਹ ਦੇਸ਼ ਚਲਾ ਸਕਦੀਆਂ ਹਨ, ਉਹ ਦੇਸ਼ ਦੀ ਫੌਜ਼ ਨੂੰ ਸੰਭਾਲ ਸਕਦੀਆਂ ਹਨ ਅਤੇ ਵਪਾਰ ਵਿੱਚ ਦੇਸ਼ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕਰ ਸਕਦੀਆਂ ਹਨ, ਪਰ ਇਹ ਸਭ ਕੁੱਝ ਅਖ਼ਬਾਰਾਂ ਦੀਆਂ ਸੁਰਖੀਆਂ ਤੱਕ ਹੀ ਅਸੀਹਮਤ ਹੈ, ਜਦ ਕਿਸੇ ਮਜਲੂਮ ਲੜਕੀ ਜੋ ਵਹਿਸ਼ੀ ਦਰਿੰਦਿਆਂ ਦਾ ਸ਼ਿਕਾਰ ਹੋਣ ਤੋਂ ਬਚਣ ਲਈ ਆਪਣੀ ਮੌਤ ਨੂੰ ਕੁਰਬਾਨ ਕਰ ਦੇਵੇ। ਅਸੀਂ ਅਜਿਹਾ ਕਿਉਂ ਸੋਚਦੇ ਹਾਂ? ਔਰਤ ਦਾ ਸ਼ੋਸ਼ਣ, ਫਿਰ ਭਾਵੇਂ ਉਹ ਫੌਜ਼ ਵਿੱਚ ਹੋਵੇ ਜਾਂ ਦਫ਼ਤਰ ਵਿੱਚ ਜਾਂ ਘਰ ਵਿੱਚ ਮਦਦਗਾਰ ਔਰਤ ਵਜੋਂ ਭੂਮਿਕਾ ਨਿਭਾਉਂਦੀ ਹੋਵੇ, ਉਸ ਨਾਲ ਇਸ ਤਰ੍ਹਾਂ ਵਾਪਰੇ ਆਖਿਰ ਉਹ ਵੀ ਸਵੈ-ਅਭਿਮਾਨ ਦੇ ਹੱਕ ਰੱਖਦੀ ਹੈ।

ਇਹ ਸਭ ਕੁਝ ਤਾਂ ਹੀ ਬਦਲ ਸਕਦਾ ਹੈ ਜਾਂ ਸੰਭਵ ਹੈ ਕਿ ਸਾਡੇ ਵਿਚਾਰ ਉੱਚੇ ਹੋਣ ਅਤੇ ਮਾਨਸਿਕਤਾ ਦਾ ਪੱਧਰ ਉੱਚਾ ਹੋਵੇ, ਸਾਨੂੰ ਡੂੰਘਾਈ ਨਾਲ ਸੋਚਣ ਦੀ ਲੋੜ ਹੈ। ਅੱਜ ਅਸੀਂ ਆਪਣੇ ਪਾਠਕਾਂ ਲਈ ਇੱਕ ਬੇਮਿਸਾਲ, ਸਵੈ ਅਭਿਮਾਨੀ, ਉੱਚੀ ਸੋਚ, ਦਲੇਰ ਅਤੇ ਬਹਾਦਰ, ਨਿਡੱਰ ਲੜਕੀ ਅਨਮੋਲ ਕੌਰ ਦੀ ਜੀਵਨੀ ਬਾਰੇ ਜਾਣੂ ਕਰਵਾਉਣ ਜਾ ਰਹੇ ਹਾਂ। ਜਿਸ ਨੇ ਛੋਟੀ ਉਮਰੇ ਹੀ ਆਪਣੀ ਬਹਾਦਰੀ ਨਾਲ ਤਿੰਨ ਵਹਿਸ਼ੀ ਦਰਿੰਦਿਆਂ ਦਾ ਮੁਕਾਬਲਾ ਕਰਦਿਆਂ ਆਪਣੇ ਪਿਤਾ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਅਤੇ ਪਿਸਤੌਲ ਦੀ ਗੋਲੀ ਨਾਲ ਆਪਣੀ ਮੌਤ ਨੂੰ ਗਲੇ ਲਾ ਲਿਆ। ਇਹ ਸਭ ਕੁਝ ਚੰਦ ਮਿੰਟਾਂ ਵਿੱਚ ਵਾਪਰਿਆ। ਜਿਸਦੀ ਕਲਪਨਾ ਕਰਨਾ ਵੀ ਅਸੰਭਵ ਸੀ। ਵਹਿਸ਼ੀ ਦਰਿੰਦਿਆਂ ਨਾਲ ਲੋਹਾ ਲੈਂਦਿਆਂ, ਮੁਕਾਬਲਾ ਕਰਦਿਆਂ ਸਿਰ ਦੇ ਵਿੱਚ ਕੁੱਝ ਦੂਰ ਤੋਂ ਹੀ ਤੇਜ਼ ਨਿਕਲਦੀ ਗੋਲੀ ਨੇ ਉਸਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਅਨਮੋਲ ਦਾ ਜਨਮ ਮਿਤੀ 26 ਅਕਤੂਬਰ 2001 ਨੂੰ ਮਾਤਾ ਪਰਮਜੀਤ ਕੌਰ ਅਤੇ ਪਿਤਾ ਸ੍ਰ. ਪ੍ਰਗਟ ਸਿੰਘ ਦੇ ਗ੍ਰਹਿ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ।ਪਰਿਵਾਰ ਦੇ ਮੋਢੀ ਉਸਦੇ ਦਾਦਾ ਜੀ ਸ੍ਰ. ਬੂੜ ਸਿੰਘ, ਜੋ ਸਰਕਾਰੀ ਨੌਕਰੀ ਕਰਦੇ ਸਨ। ਦਾਦੀ ਸਰਦਾਰਨੀ ਨਰਿੰਦਰਜੀਤ ਕੌਰ ਘਰੇਲੂ ਔਰਤ ਸੀ। ਇਹ ਆਪਣਾ ਜੱਦੀ ਪਿੰਡ ਬੱਲ ਬਾਲਾ ਤੋਂ ਪਿਛਲੇ 30 ਸਾਲਾਂ ਤੋਂ ਅਜਨਾਲਾ ਵਿਖੇ ਰਹਿ ਰਹੇ ਸਨ। ਅਨਮੋਲ ਦੇ ਪਿਤਾ ਸ੍ਰ. ਪ੍ਰਗਟ ਸਿੰਘ ਸਥਾਨਕ ਸਰਕਾਰ ਵਿੱਚ ਸਰਕਾਰੀ ਨੌਕਰੀ ਕਰ ਰਹੇ ਹਨ। ਇਲਾਕੇ ਵਿੱਚ ਚੰਗੀ ਜਾਣ-ਪਛਾਣ ਅਤੇ ਬਹੁਤ ਹੀ ਪਿਆਰ ਕਰਨ ਵਾਲਾ ਅਤੇ ਮਾਣ-ਸਨਮਾਣ ਵਾਲਾ ਪਰਿਵਾਰ ਹੈ। ਇੱਕਲੌਤਾ ਬੱਚਾ ਹੋਣ ਕਰਕੇ ਅਨਮੋਲ ਦੇ ਮਾਤਾ ਪਿਤਾ ਨੇ ਬੜੇ ਲਾਡ ਪਿਆਰ ਨਾਲ ਪਾਲਿਆ ਅਤੇ ਉਸਦੀ ਹਰ ਇੱਛਾ ਅਤੇ ਜਰੂਰਤਾਂ ਨੂੰ ਪੂਰਾ ਕਰਨਾ ਆਪਣਾ ਇੱਖ਼ਲਾਕੀ ਫਰਜ਼ ਸਮਝਿਆ। ਉਸਦੀ ਮੁੱਢਲੀ ਪੜ੍ਹਾਈ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਅਜਨਾਲਾ, ਵਿਖੇ ਹੋਈ ਅਤੇ ਦਸਵੀਂ ਵਿੱਚ ਫਸਟ ਡਿਵੀਜਨ 75 ਪ੍ਰਤੀਸ਼ਤ ਲੈ ਕੇ ਪਾਸ ਕੀਤੀ। ਉਸ ਉਪਰੰਤ ਉਸਨੇ ਉਚੇਰੀ ਸਿੱਖਿਆ ਲਈ ਇਲਾਕੇ ਦੇ ਇੱਕ ਸਕੂਲ ਵਿੱਚ ਦਾਖਲਾ ਲਿਆ ਅਤੇ ਚੰਗੇ ਨੰਬਰਾਂ ਨਾਲ ਬਾਰਵੀਂ ਪਾਸ ਕੀਤੀ। ਹੁਣ ਉਹ ਆਮ ਵਿਦਿਆਰਥੀਆਂ ਵਾਂਗ ਆਪਣੀ ਜਿੰਦਗੀ ਦੇ ਬੇਹਤਰੀਨ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੁੱਝ ਨਵੇਂ ਯਤਨ ਕਰਨ ਲੱਗੀ।

ਜਿਸ ਤਹਿਤ ਉਸਨੇ ਕਾਸਮੋਟੋਲੋਜ਼ੀ ਡਿਗਰੀ ਵਿੱਚ ਪ੍ਰਵੇਸ਼ ਲਿਆ ਅਤੇ ਨਾਲ ਹੀ ਉਹ ਆਇਲਟਸ ਦੀਆਂ ਕਲਾਸਾਂ ਲਗਾਉਂਣ ਲੱਗੀ। ਇਹ ਸਭ ਕੁੱਝ 19 ਸਾਲ ਦੀ ਉਮਰ ਤੋਂ ਪਹਿਲਾਂ ਹੀ ਪ੍ਰਾਪਤ ਕਰ ਲੈਣ ਵਾਲੀ ਸੀ। ਉਸਦਾ ਸੁਭਾਅ ਬਹੁਤ ਹੀ ਮਿੱਠ ਬੋਲੜਾ, ਨਿੱਤ ਨੇਮੀ ਅਤੇ ਸੇਵਾ ਭਾਵਨਾ ਵਾਲਾ ਸੀ। ਹਰ ਵਕਤ ਉਸਦਾ ਚਿਹਰਾ ਖਿੜਿਆ ਰਹਿੰਦਾ ਅਤੇ ਆਸ਼ਵਾਦੀ ਸੀ। ਉਹ ਖੇਡਾਂ ਤੋਂ ਇਲਾਵਾ ਬੁਲਟ-ਮੋਟਰਸਾਈਕਲ, ਕਾਰ ਵੀ ਚਲਾ ਲੈਦੀ ਸੀ। ਉਸਦੀ ਇੱਕ ਕਰੀਬੀ ਮਿੱਤਰ ਜਸ਼ਨ ਨੇ ਦੱਸਿਆ ਕਿ ਉਹ ਬਹੁਤ ਹੀ ਮਿਲਾਪੜੀ ਅਤੇ ਖੁੱਲ੍ਹੇ ਵਿਚਾਰਾਂ ਵਾਲੀ ਹੋਣ ਕਰਕੇ ਉਹ ਸਭ ਨੂੰ ਚੰਗੀ ਲੱਗਦੀ ਅਤੇ ਆਪਣੇ ਦੋਸਤਾਂ ਤੇ ਅਧਿਆਪਕਾਂ, ਰਿਸ਼ਤੇਦਾਰਾਂ ਵਿੱਚ ਖਾਸ ਸਥਾਨ ਬਣਾ ਲੈਂਦੀ। ਉਹ ਮਾਤਾ-ਪਿਤਾ ਦੀ ਆਗਿਆਕਾਰ ਅਤੇ ਪ੍ਰਹੁਣਾਚਾਰੀ ਵਿੱਚ ਸੇਵਾ ਭਾਵਨਾ ਲਈ ਹਮੇਸ਼ਾ ਤੱਤਪਰ ਰਹਿੰਦੀ। ਅਨਮੋਲ ਬੈਡਮਿੰਟਨ ਦੀ ਬਹੁਤ ਵਧੀਆ ਖਿਡਾਰਨ ਵੀ ਸੀ। ਉਹ ਅੰਗੇਰਜੀ, ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦੇ ਗਿਆਨ ਤੋਂ ਇਲਾਵਾ ਡਰਾਇੰਗ ਅਤੇ ਸੁੰਦਰ ਲਿਖਾਈ ਵਿੱਚ ਨਿਪੁੰਨ ਸੀ। ਉਹ ਖੁਸ਼ ਦਿਲ ਅਤੇ ਉੱਚੀ ਸੋਚ ਵਾਲੇ ਵਿਚਾਰਾਂ ਕਰਕੇ ਆਪਣੇ ਸਕੂਲ ਦੇ ਵਿੱਚ ਹਰਮਨ ਪਿਆਰੀ ਸੀ।ਪਿਤਾ ਸ੍ਰ. ਪ੍ਰਗਟ ਸਿੰਘ ਜੀ ਦੇ ਇੱਕ ਦੋਸਤ ਸ੍ਰ. ਹਰਦੀਪ ਸਿੰਘ ਕੈਨੇਡਾ (ਟੂਰਾਂਟੋ) ਜੋ ਹਮੇਸ਼ਾਂ ਉਸਨੂੰ ਸਹੀ ਗਾਈਡੈਂਸ ਅਤੇ ਉਸਦੀ ਪੜ੍ਹਾਈ ਵਿੱਚ ਮਦਦ ਕਰਦੇ ਅਤੇ ਯੋਗ ਜਾਣਕਾਰੀ ਦਿੰਦੇ। ਅਨਮੋਲ ਅਕਸਰ ਉਹਨਾਂ ਨੂੰ ਪਿਆਰ ਨਾਲ ਚਾਚਾ ਜੀ ਕਰਕੇ ਸੰਬੋਧਨ ਕਰਦੀ। ਇੱਕ ਹੋਰ ਉਸਦੀ ਕਰੀਬੀ ਦੋਸਤ ਸੁਖਮਨ ਜੋ ਇਹਨਾਂ ਦਿਨਾਂ ਵਿੱਚ ਕਨੇਡਾ ਰਹਿ ਰਹੀ ਹੈ, ਜੋ ਅਮਨੋਲ ਨਾਲ ਪੜ੍ਹਦੀ ਸੀ ਅਤੇ ਉਸਨੂੰ ਉਹ ਹੁਣ ਕੈਨੇਡਾ ਵਿੱਚ ਸੈਟਲ ਹੋਣ ਖਾਸ ਮਦਦ ਕਰ ਰਹੀ ਸੀ ਕਿ ਕਿਸ ਤਰ੍ਹਾਂ ਨਾਲ ਉਹ ਪੜ੍ਹਾਈ ਕਰਕੇ ਕੈਨੇਡਾ ਆ ਸਕੇਗੀ। ਉਸਦੀ ਦੋਸਤ ਸੁਖਮਨ ਉਸਨੂੰ ਕੈਨੇਡਾ ਦੇ ਵਾਤਾਵਰਨ ਅਤੇ ਪੰਜਾਬੀਆਂ ਦੇ ਉੱਥੇ ਰਹਿਣ ਸਹਿਣ ਬਾਰੇ ਅਤੇ ਹਲਾਤਾਂ ਤੋਂ ਜਾਣੂੰ ਕਰਵਾਉਂਦੀ ਤਾਂ ਜੋ ਉਸਨੂੰ ਯੋਗ ਅਗਵਾਈ ਮਿਲ ਸਕੇ। ਅਨਮੋਲ ਵੀ ਆਮ ਵਿਦਿਆਰਥੀਆਂ ਵਾਂਗ ਹੀ ਵਿਦੇਸ਼ ਵਿੱਚ ਉੱਚੇਰੀ ਸਿੱਖਿਆ ਲਈ ਜਾਣ ਦੀ ਤਿਆਰੀ ਆਰੰਭੀ ਸੀ। ਉਸਦਾ ਮੰਨਣਾ ਸੀ ਕਿ ਮੈਂ ਇੱਕ ਚੰਗੇ ਅਤੇ ਮਿਹਨਤੀ ਪਰਿਵਾਰ ਨਾਲ ਸਬੰਧਤ ਹਾਂ ਅਤੇ ਯੋਗ ਪੜ੍ਹਾਈ ਸਦਕਾ ਮੈਂ ਵਿਦੇਸ਼ ਵਿੱਚ ਸੈਟਲ ਹੋਵਾ।

ਇਹ ਉਸਨੇ ਇੱਕ ਦਿਸ਼ਾ ਦੇਣ ਵਾਲਾ ਸੁਪਨਾ ਸੰਜੋਇਆ ਸੀ, ਪਰ ਸਮੇਂ ਨੇ ਐਸੀ ਕਰਵਟ ਬਦਲੀ ਉਸਦੇ ਸਿੰਜੋਏ ਹੋਏ ਸੁਪਨੇ ਇੱਕਦਮ ਢਹਿ ਢੇਰੀ ਹੋ ਗਏ ਅਤੇ ਇੱਕ ਪੰਜਾਬ ਦੀ ਨੌਜਵਾਨ ਧੀ ਹਲਾਤਾਂ ਦਾ ਸ਼ਿਕਾਰ ਹੁੰਦੇ ਹੋਏ, ਜਾਨ ਤੋਂ ਹੱਥ ਧੋ ਬੈਠੀ। ਇਹ ਇੱਕ ਦਰਦਨਾਕ ਹਾਦਸੇ ਵਜੋਂ ਜਾਣਿਆ ਜਾਵੇਗਾ ਕਿ ਜਦ ਅਨਮੋਲ ਆਪਣੇ ਘਰ ਤੋਂ ਕਾਸਮੈਟੋਲੋਜੀ ਦੀ ਕਲਾਸ ਲਾਉਂਣ ਲਈ ਰਣਜੀਤ ਐਵੀਨਿਊ ਅੰਮ੍ਰਿਤਸਰ ਦੇ ਸੈਂਟਰ ਪਹੁੰਚੀ। ਅਜੇ ਉਹ ਵੈਨ ਤੋਂ ਉੱਤਰੀ ਹੀ ਸੀ ਕਿ ਉਸੇ ਸਮੇਂ ਕੁੱਝ ਨੌਜਵਾਨਾਂ ਨੇ ਉਸਨੂੰ ਪਿਸਤੌਲ ਦੀ ਨੋਕ ਤੇ ਅਗਵਾ ਕਰ ਲਿਆ। ਇਹ ਸਵੇਰੇ 8:30 ਵਜੇ ਦਾ ਸਮਾਂ ਸੀ। ਕੋਈ ਅੱਧਾ ਕੁ ਘੰਟਾ ਬੀਤ ਜਾਣ ਬਾਅਦ ਅਨਮੋਲ ਦੇ ਘਰ ਫੋਨ ਆਇਆ ਕਿ ਤੁਹਾਡੀ ਬੱਚੀ ਨੂੰ ਅਸੀਂ ਅਗਵਾ ਕਰ ਲਿਆ ਹੈ, ਜੇ ਤੁਸੀਂ ਉਸਨੂੰ ਜਿੰਦਾ ਚਾਹੁੰਦੇ ਹੋ ਤਾਂ 20 ਲੱਖ ਰੁਪਏ ਸਾਨੂੰ ਅਜਨਾਲਾ ਦੇ ਨੇੜੇ ਪਿੰਡ ਚਮਿਆਰੀ ਵਾਲੀ ਸੜਕ ਤੇ ਰਾਤ ਦੇ 2 ਵਜੇ ਪਹੁੰਚਾਓ। ਅਸੀਂ ਤੁਹਾਡੀ ਬੱਚੀ ਨੂੰ ਕੁੱਝ ਨਹੀਂ ਕਹਾਂਗੇ। ਇਹ ਫੋਨ ਅਨਮੋਲ ਦੇ ਫੋਨ ਤੋਂ ਹੀ 26 ਫਰਵਰੀ 2020 ਨੂੰ ਘਟਨਾ ਵਾਲੇ ਦਿਨ ਆਇਆ, ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ।ਘਰ ਵਿੱਚ ਇੱਕ ਦਮ ਬੁਰੀ ਖ਼ਬਰ ਆਈ ਅਤੇ ਸਭ ਨੇ ਬੱਚੀ ਦੀ ਭਾਲ ਕਰਨ ਲਈ ਯਤਨ ਆਰੰਭ ਕਰ ਦਿੱਤੇ। ਉਸਦਾ ਫੋਨ ਨੰਬਰ ਟ੍ਰੈਕ ਤੇ ਲਾਇਆ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਵੀ ਮਦਦ ਮੰਗੀ। 28 ਫਰਵਰੀ 2020 ਦੀ ਰਾਤ ਨੂੰ ਆਸ ਦੀ ਕਿਰਨ ਜਾਗੀ ਅਤੇ ਜਿੰਨ੍ਹਾਂ ਨੌਜਵਾਨਾਂ ਇਹ ਗਲਤ ਹਰਕਤ ਨੂੰ ਅੰਜਾਮ ਦਿੱਤਾ ਸੀ, ਉਹਨਾਂ ਦਾ ਪਤਾ ਲੱਗ ਗਿਆ ਅਤੇ ਉਹਨਾਂ ਦੀ ਭਾਲ ਹੋਣ ਲੱਗੀ, ਤਦ ਤੱਕ ਇਹ ਪਤਾ ਨਹੀਂ ਸੀ ਕਿ ਬੱਚੀ ਜਿਉਦੀ ਹੈ ਜਾਂ ਨਹੀਂ, ਬਹੁਤ ਭਾਲ ਕਰਨ ਉਪਰੰਤ ਪੁਲਿਸ ਪ੍ਰਸ਼ਾਸ਼ਨ ਦੀ ਮਦਦ ਨਾਲ ਨੌਜਵਾਨਾਂ ਦੀ ਬਰਾਮਦਗੀ ਹੋਈ ਅਤੇ ਉਹਨਾਂ ਨੇ ਮੰਨਿਆ ਕਿ ਲੜਕੀ ਦੀ ਲਾਸ਼ ਇੱਕ ਸੁੰਨਸਾਨ ਕੋਠੀ (ਲੋਹਾਰਕਾ ਰੋਡ) ਵਿੱਚ ਹੈ ਅਤੇ ਅਸੀਂ ਉਸਨੂੰ ਅਗਵਾ ਕਰਨ ਤੋਂ ਕੁੱਝ ਸਮੇਂ ਬਾਅਦ ਹੀ ਪਿਸਤੌਲ ਦੀ ਗੋਲੀ ਨਾਲ ਮਾਰ ਦਿੱਤਾ ਸੀ। ਅਨਮੋਲ ਨੇ ਬਹੁਤ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਹੱਥੀ ਪਾਈ ਵੀ ਹੋਈ ਤਾਂ ਜੋ ਉਹ ਉਹਨਾਂ ਵਹਿਸ਼ੀ ਦਰਿੰਦਿਆਂ ਦੀ ਚੁੰਗਲ ਵਿੱਚੋਂ ਨਿਕਲ ਸਕੇ, ਪਰ ਇਹ ਸਭ ਅਸੰਭਵ ਸੀ, ਕਿਉਂਕਿ ਹਥਿਆਰ ਦੇ ਅੱਗੇ ਕਿਸੇ ਪੀ ਪੇਸ਼ ਨਹੀਂ ਚੱਲਦੀ। ਪਾਂਚ ਤਤ ਕੋ ਤਨ ਰਚਿਓ ਜਾਨਹੁ ਚਤੁਰ ਸੁਜਾਨ।। ਜਿਹ ਤੇ ਉਪਜਿਓ ਨਾਨਕਾ ਲੀ ਨ ਤਾਹਿ ਮੈ ਮਾਨ।।ਜਦ ਇਸ ਗੱਲ ਦਾ ਪੂਰੇ ਇਲਾਕੇ ਵਿੱਚ ਪਤਾ ਚੱਲਿਆ ਕਿ ਉਸ ਨੇ ਪੂਰੀ ਬਹਾਦਰੀ ਅਤੇ ਨਿਰਡਤਾ ਨਾਲ ਇੰਨ੍ਹਾਂ ਵਹਿਸ਼ੀਆਂ ਦਾ ਮੁਕਾਬਲਾ ਕੀਤਾ ਤਾਂ ਪੂਰੇ ਇਲਾਕੇ ਵਿੱਚ ਸੋਂਗ ਦੀ ਲਹਿਰ ਛਾ ਗਈ ਅਤੇ ਲੋਕ ਸਬੰਧਤ ਪਰਿਵਾਰ ਨਾਲ ਸੰਪਰਕ ਕਰਨ ਲੱਗੇ। ਇਹ ਇੱਕ ਬੜਾ ਹੀ ਦਰਦਰਨਾਕ ਹਾਦਸਾ ਸੀ। ਜਿਸ ਵਿੱਚ ਇੱਕ ਨੌਜਵਾਨ ਲੜਕੀ ਨਾਲ ਆਪਣਾ ਆਪਾ ਕੁਰਬਾਨ ਕੀਤਾ। ੧੮ ਸਾਲ ੪ ਮਹੀਨੇ ਦੀ ਉਮਰ ਵਿੱਚ ਹੀ ਇਹ ਲੜਕੀ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਈ ਅਤੇ ਜਿੱਥੇ ਇਸ ਨੇ ਆਪਣੇ ਇਲਾਕੇ ਅਤੇ ਦੇਸ਼ ਦਾ ਨਾਂ ਰੋਸ਼ਨ ਕਰਨਾ ਸੀ, ਅੱਜ ਉਹ ਆਪਣੀ ਬਹਾਦਰੀ ਅਤੇ ਦਲੇਰੀ ਨਾਲ ਜਾਣੀ ਜਾਵੇਗੀ। ਇਹ ਇੱਕ ਨਾ ਭੁੱਲਣਯੋਗ ਘਟਨਾ ਸੀ। ਪਰਿਵਾਰ ਅਤੇ ਸਾਂਕ ਸਬੰਧੀ ਰਿਸ਼ਤੇਦਾਰ ਪੂਰੀ ਤਰ੍ਹਾਂ ਗਮਗੀਨ ਹਨ। ਪ੍ਰਮਾਤਮਾ ਸਭ ਨੂੰ ਭਾਣਾ ਮੰਨਣ ਦੀ ਸਮਰੱਥਾ ਬਖਸ਼ੇ ਅਤੇ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ। ਅੱਜ ਜਿੱਥੇ ਸਾਡੇ ਸਮਾਜ ਵਿੱਚ ਨੰਨ੍ਹੀ ਛਾਂ ਅਤੇ ਕਈ ਹੋਰ ਐਨ.ਜੀ.ਓ. ਲੜਕੀਆਂ ਦੀ ਪਰਵਰਿਸ਼, ਸਿਹਤ, ਪੜ੍ਹਾਈ, ਖੇਡਾਂ ਲਈ ਸੰਸਥਾਵਾਂ ਅੱਗੇ ਆ ਰਹੀਆਂ ਹਨ, ਉੱਥੇ ਸਾਨੂੰ ਆਪਣੇ ਕਾਨੂੰਨ ਨੂੰ ਹੀ ਮਜ਼ਬੂਤ ਕਰਨਾ ਪਵੇਗਾ ਕਿ ਜਿੱਥੇ ਕਿਤੇ ਵੀ ਇਸ ਤਰ੍ਹਾਂ ਦਾ ਅਪਰਾਧ ਹੋਵੇ ਦੋਸ਼ੀਆਂ ਨੂੰ ਮੌਕੇ ਤੇ ਹੀ ਸਖਤ ਸਜਾਵਾਂ, ਗੋਲੀ ਦਾ ਹੁਕਮ ਹੋਵੇ ਤਾਂ ਜੋ ਐਸੀ ਘਿਨੌਣੀ ਘਟਨਾ, ਦਰਦਨਾਕ ਹਾਦਸੇ ਦਾ ਸ਼ਿਕਾਰ, ਕੋਈ ਹੋਰ ਪਰਿਵਾਰ ਨਾ ਹੋਵੇ।ਜੇ ਲੜਕੀਆਂ ਦੀ ਸੁਰੱਖਿਆ ਯਕੀਨੀ ਕਰਨੀ ਹੈ ਤਾਂ ਸਾਨੂੰ ਠੋਸ ਕਦਮ ਉਠਾਉਂਣੇ ਪੈਣਗੇ, ਸਕੂਲ, ਕਾਲਜ਼, ਦਫਤਰ ਜਾਂ ਆਪਣੇ ਨਿੱਜੀ ਕੰਮਾਂ ਲਈ ਘਰ ਤੋਂ ਬਾਹਰ ਜਾਣ ਬਿਨ੍ਹਾਂ ਸੰਕੋਚ ਜਾ ਸਕਣ। ਸਰਕਾਰਾਂ ਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਪੀੜਤ ਪਰਿਵਾਰ ਦੀ ਮੰਗ ਦੋਸ਼ੀਆਂ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ਤਾਂ ਹੀ ਲੜਕੀਆਂ ਦਾ ਭਵਿੱਖ ਉਜਵਲ ਹੋਵੇਗਾ ਨਾਲ ਹੀ ਸਮਾਜ ਵਿੱਚ ਵਹਿਸ਼ੀ ਦਰਿੰਦਿਆਂ ਦਾ ਖਾਤਮਾ ਹੋਵੇਗਾ। ਸਮੂਹ ਪੱਤਰਕਾਰ ਐਸੋਸੀਏਸ਼ਨ, ਹਰਮਨ ਐਜੁਕੇਸ਼ਨਲ ਵੈਲਫੇਅਰ ਸੋਸਾਇਟੀ, ਗੁਰਫਤਿਹ ਵੈਲਫੇਅਰ ਸੁਸਾਇਟੀ, ਭੁਪਿੰਦਰਾ ਫਾਉਂਡੇਸ਼ਨ ਵੱਲੋਂ ਸਵ: ਅਨਮੋਲ ਕੌਰ ਨੂੰ  ਬਹਾਦਰੀ ਪੁਰਸਕਾਰ ਅਤੇ ਪ੍ਰੇਰਨਾ ਸਰੋਤ ਪੁਰਸਕਾਰ ਵਜੋਂ ਪਰਿਵਾਰ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਮਾਗਮ ਦੌਰਾਨ ਬੁਲਾਇਆ ਜਾ ਰਿਹਾ ਹੈ।

ਡਾ. ਐਸ.ਐਸ. ਵਿਰਦੀ
ਲੇਖਕ, ਮੋਟੀਵੇਸ਼ਨ ਸਪੀਕਰ, ਐਜੁਕੇਸ਼ਨਿਸਟ।
ਮੋ: 99145-75854

Comments are closed.