ਫੌਜ਼, ਅਰਧ ਸੈਨਿਕ ਬਲਾਂ ਤੇ ਰੇਲਵੇ ਰਨਿੰਗ ਸਟਾਫ ‘ਚ ਧੀਆਂ ਦਾ ਪਹੁੰਚਣਾ ਇੱਕ ਸ਼ੁਭ ਸੁਨੇਹਾ

ਸੰਸਥਾ ਧੀਆਂ ਦੇ ਹੱਕਾਂ, ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਦੀ ਰਹੇਗੀ- ਮਲਹੋਤਰਾ, ਸੰਧੂ

ਅੰਮ੍ਰਿਤਸਰ, 2 ਫਰਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਮਹਿਲਾ ਸਮਾਜ ਸੇਵੀ ਸੰਸਥਾ ਹੌਲੀ ਸਿਟੀ ਵਿਮੈਨ ਵੈਲਫੇਅਰ ਸੁਸਾਇਟੀ ਦੀ ਚੀਫ ਪੈਟਰਨ ਪ੍ਰਿੰਸੀਪਲ ਕੁਸੁਮ ਮਲਹੋਤਰਾ ਅਤੇ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਗਣਤੰਤਰ ਦਿਵਸ ਮੌਕੇ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੇ ਵੱਲੋਂ ਸਨਮਾਨਿਤ ਕੀਤੀਆਂ ਗਈਆਂ ਧੀਆਂ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਇਹ ਧੀਆਂ ਹੋਰਨਾਂ ਧੀਆਂ ਲਈ ਪ੍ਰੇਰਨਾਂ ਸਰੋਤ ਹਨ ਅਤੇ ਹਰੇਕ ਧੀ ਨੂੰ ਇੰਨ੍ਹਾਂ ਦੇ ਨਕਸ਼ੇ ਕਦਮਾਂ ਤੇ ਚੱਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹੋਰਨਾਂ ਖੇਤਰਾਂ ਵਾਂਗ ਫੌਜ, ਅਰਧ ਸੈਨਿਕ ਬਲਾਂ ਤੇ ਰੇਲਵੇ ਰਨਿੰਗ ਸਟਾਫ ਦੇ ਵਿੱਚ ਧੀਆਂ ਦਾ ਪਹੁੰਚਣਾ ਇੱਕ ਸ਼ੁਭ ਸੁਨੇਹਾ ਹੈ। ਉਨ੍ਹਾਂ ਕਿਹਾ ਕਿ ਜੋ ਧੀਆਂ ਕੁੱਝ ਬਣਨ ਤੇ ਕਰ ਦਿਖਾਉਣ ਦੀ ਲਾਲਸਾ ਰੱਖਦੀਆਂ ਹਨ, ਉਨ੍ਹਾਂ ਦੇ ਮਾਪਿਆ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਸਹਿਯੋਗ ਕਰਨ ਜਦੋਂ ਕਿ ਸਮਾਜ ਸੇਵੀ ਸੰਸਥਾਵਾਂ ਨੂੰ ਆਪਣਾ ਬਣਦਾ ਰੋਲ ਅਦਾ ਕਰਨਾ ਚਾਹੀਦਾ ਹੈ। ਹੋਣਹਾਰ ਧੀਆਂ ਨੂੰ ਉਨ੍ਹਾਂ ਦੇ ਰੁਤਬੇ ਅਨੁਸਾਰ ਮਾਣ-ਸਨਮਾਨ ਦੇ ਕੇ ਹੀ ਜਿੰਮੇਵਾਰੀ ਨਹੀਂ ਖਤਮ ਹੋ ਜਾਂਦੀ, ਬਲਕਿ ਲੋੜਵੰਦ ਤੇ ਜ਼ਰੂਰਤਮੰਦ ਧੀਆਂ ਦੀ ਅੱਗੇ ਵੱਧਣ-ਫੁੱਲਣ ਲਈ ਸੰਭਵ ਸਹਾਇਤਾ ਵੀ ਕਰਨੀ ਚਾਹੀਦੀ ਹੈ।‘ਬੇਟੀ ਬਚਾਓੁ ਬੇਟੀ ਪੜ੍ਹਾਓੁ’ ਮੁਹਿੰਮ ਨੂੰ ਅਮਲੀ ਜਾਮਾ ਸਮਾਜ ਦੇ ਬਾਸਿੰਦਿਆਂ ਨੇ ਪਹਿਨਾਉਣਾ ਹੈ। ਸਾਨੂੰ ਸਾਰਿਆਂ ਨੂੰ ਆਪੋ-ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਜਨਮ ਤੇ ਉਨ੍ਹਾਂ ਦੇ ਹੱਕਾਂ ਅਧਿਕਾਰਾਂ ਦੀ ਖਾਤਿਰ ਸਰਕਾਰੀ ਤੇ ਗੈਰਕਾਰੀ ਪੱਧਰ ‘ਤੇ ਹੋ ਰਹੇ ਯਤਨ ਬੇਮਿਸਾਲ ਹਨ, ਪਰ ਸਾਨੂੰ ਸਭ ਨੂੰ ਅੱਗੇ ਸੋਚਣਾ ਹੋਵੇਗਾ ਕਿ ਅਸੀਂ ਇਸ ਵਿੱਚ ਕਿੰਨਾ ਕੁ ਯੋਗਦਾਨ ਪਾ ਰਹੇ ਹਾਂ।ਉਨ੍ਹਾਂ ਕੁੱਝ ਬਣਨ ‘ਤੇ ਕੁੱਝ ਕਰ ਦਿਖਾਉਣ ਦੀ ਚਾਹਤ ਰੱਖਣ ਵਾਲੀਆਂ ਧੀਆਂ ਨੂੰ ਆਪਣੇ ਆਪਣੀ ਖੇਤਰ ਦੇ ਵਿੱਚ ਸਖਤ ਮਿਹਨਤ ਕਰਨ ਦੀ ਸਲਾਹ ਦਿੱਤੀ ਹੈ। ਅਖੀਰ ਵਿੱਚ ਪ੍ਰਿੰਸੀਪਲ ਕੁਸੁਮ ਮਲਹੋਤਰਾ ਅਤੇ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਕਿਹਾ ਉਨ੍ਹਾਂ ਦੀ ਸੰਸਥਾ ਹਮੇਸ਼ਾਂ ਧੀਆਂ ਦੇ ਹੱਕਾਂ ਤੇ ਅਧਿਕਾਰਾਂ ਦੀ ਖਾਤਿਰ ਹਾਅ ਦਾ ਨਾਅਰਾ ਮਾਰਦੀ ਆਈ ਹੈ, ਮਾਰ ਰਹੀ ਹੈ ਤੇ ਮਾਰਦੀ ਰਹੇਗੀ, ਜਦੋਂਕਿ ਹੋਣਹਾਰ ਧੀਆਂ ਦਾ ਮਾਣ-ਸਨਮਾਨ ਵੀ ਕਰਦੀ ਰਹੇਗੀ।

Comments are closed.