ਬਾਦਲਾਂ ਨੇ ਕਦੇ ਵੀ ਨਹੀਂ ਕੀਤੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਮੰਗ: ਰੰਧਾਵਾ

ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਦੀ ਪਿਛਲੀ ਸਰਕਾਰ ਤੇ ਰੱਜ ਕੇ ਹਮਲਾ ਬੋਲਿਆ। ਉਨਾਂ ਕਿਹਾ ਕਿ ਕੇਂਦਰੀ ਮੰਤਰੀ ਇਹ ਦੱਸੇ ਕਿ ਜਦੋਂ ਸੂਬੇ ਵਿੱਚ ਉਸ ਦਾ ਸਹੁਰਾ ਮੁੱਖ ਮੰਤਰੀ ਸੀ, ਪਤੀ ਉਪ ਮੁੱਖ ਮੰਤਰੀ ਸੀ ਤੇ ਭਰਾ ਕੈਬਨਿਟ ਮੰਤਰੀ ਸੀ ਤਾਂ ਇਸ ਹਲਕੇ ਲਈ ਖਰਚ ਕੀਤਾ ਇਕ ਵੀ ਪੈਸੇ ਗਿਣਾਵੇ।  ਇਥੋਂ ਤੱਕ ਕਿ ਉਹ ਖੁਦ ਛੇ ਸਾਲਾਂ ਤੋਂ ਕੇਂਦਰੀ ਮੰਤਰੀ ਹੈ ਜਿਸ ਨੇ ਕਦੇ ਵੀ ਪੰਜਾਬ ਵਾਂਗ ਇਸ ਹਲਕੇ ਦੀ ਸਾਰ ਨਹੀਂ ਲਈ।  ਉਨਾਂ ਕਿਹਾ ਕਿ ਬਾਦਲ ਪਰਿਵਾਰ ਨੇ ਤਾਂ ਕਦੇ ਇਸ ਹਲਕੇ ਦਾ ਗੇੜਾ ਵੀ ਨਹੀਂ ਲਗਾਇਆ ਜਦੋਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਾਂ ਡੇਰਾ ਬਾਬਾ ਨਾਨਕ ਵਿਖੇ ਕੈਬਨਿਟ ਮੀਟਿੰਗ ਬੁਲਾ ਕੇ ਆਪਣੀ ਪ੍ਰਤੀਬੱਧਤਾ ਦਾ ਪ੍ਰਮਾਣ ਦਿੱਤਾ।

ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਬਾਦਲਾਂ ਨੇ ਤਾਂ ਕਦੇ ਡੇਰਾ ਬਾਬਾ ਨਾਨਕ ਆ ਕੇ ਇਤਿਹਾਸਕ ਸਥਾਨ ਉਤੇ ਮੱਥਾ ਵੀ ਨਹੀਂ ਟੇਕਿਆ ਅਤੇ ਨਾ ਹੀ ਕਰਤਾਰਪੁਰ ਲਾਂਘਾ ਖੋਲਣ ਦੀ ਮੰਗ ਕੀਤੀ।  ਇਥੋਂ ਤੱਕ ਕਿ ਲਾਂਘਾ ਖੁੱਲਵਾਉਣ ਲਈ ਲਗਾਤਾਰ ਯਤਨਸ਼ੀਲ ਰਹੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੂੰ ਬਾਦਲਾਂ ਨੇ ਉਸ ਵੇਲੇ ਕਮਰੇ ਵਿੱਚ ਬੰਦ ਕਰਵਾ ਦਿੱਤਾ ਸੀ ਜਦੋਂ ਉਹ ਤੱਤਕਾਲੀ ਰਾਸ਼ਟਰਪਤੀ ਨੂੰ ਮਿਲਣ ਲਈ ਆਏ ਸਨ। ਹੁਣ ਸੂਬਾ ਸਰਕਾਰ ਵੱਲੋਂ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਵੱਲ ਜਾਂਦੀ ਸੜਕ ਦਾ ਨਾਮ ਵੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੇ ਨਾਮ ਉਤੇ ਰੱਖਿਆ ਜਾ ਰਿਹਾ ਹੈ।
ਰੰਧਾਵਾ ਨੇ ਡੇਰਾ ਬਾਬਾ ਨਾਨਕ ਹਲਕੇ ਦੇ ਸਰਵਪੱਖੀ ਵਿਕਾਸ ਲਈ ਉਲੀਕੇ ਪ੍ਰਾਜੈਕਟਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਡੇਰਾ ਬਾਬਾ ਨਾਨਕ ਵਿਕਾਸ ਅਥਾਰਟੀ ਬਣਾ ਕੇ ਸੂਬਾ ਸਰਕਾਰ ਇਸ ਹਲਕੇ ਦੀ ਕਾਇਆ ਕਲਪ ਕਰ ਰਹੀ ਹੈ।             ਉਨਾਂ ਕਿਹਾ ਕਿ ਸ਼ਹਿਰ ਦਾ ਸੁੰਦਰੀਕਰਨ, ਸੀਚੇਵਾਲ ਮਾਡਲ ’ਤੇ ਸੀਵਰੇਜ ਸਿਸਟਮ ਦਾ ਸੁਧਾਰ, ਹਸਪਤਾਲ ਦਾ ਨਵੀਨੀਕਰਨ, ਸੜਕੀ ਢਾਂਚੇ ਨੂੰ ਚੌੜਾ ਤੇ ਮਜ਼ਬੂਤ ਕਰਨਾ, ਸ਼ਹਿਰ ਨੂੰ ਵਿਰਾਸਤੀ ਦਿੱਖ, ਪਾਰਕਾਂ ਵਿੱਚ ਐਲ.ਈ.ਡੀ. ਲਾਈਟਾਂ, ਸੋਲਰ ਸਟਰੀਟ ਲਾਈਟਾਂ, ਹਵੇਲੀ, ਬਿਜਲੀ ਦੇ ਖੰਭਿਆਂ ਦੀਂ ਨਵੀਂ ਦਿੱਖ, ਨੇੜਲੇ ਪਿੰਡਾਂ ਦੇ ਵਿਕਾਸ ਆਦਿ ਨਾਲ ਹਲਕੇ ਦੀ ਨੁਹਾਰ ਬਦਲੀ ਜਾ ਰਹੀ ਹੈ।

 

ਉਨਾਂ ਕਿਹਾ ਕਿ ਇਸ ਤੋਂ ਇਲਾਵਾ ਇਸ ਹਲਕੇ ਦੇ ਇਕ ਹੋਰ ਇਤਿਹਾਸਕ ਕਸਬੇ ਕਲਾਨੌਰ ਨੂੰ ਸੈਰ ਸਪਾਟਾ ਸਰਕਟ ਅਧੀਨ ਲਿਆਂਦਾ ਗਿਆ ਹੈ ਅਤੇ ਉਥੇ ਡਿਗਰੀ ਕਾਲਜ ਤੇ ਗੰਨਾ ਖੋਜ ਕੇਂਦਰ ਵੀ ਸਥਾਪਤ ਕੀਤਾ ਜਾ ਰਿਹਾ ਹੈ।

Comments are closed.