ਮਹਾਂ ਨਗਰ ਅੰਮ੍ਰਿਤਸਰ ‘ਚ ਦਿਨੋ-ਦਿਨ ਵੱਧ ਰਹੀ ਟ੍ਰੈਫਿਕ ਕਾਰਨ ਲੋਕਾਂ ਦਾ ਮੰਦੜਾ ਹਾਲ- ਸੰਧੂ

ਟ੍ਰੈਫਿਕ ਪੁਲਸ ਦਾ ਧਿਆਨ ਸਿਰਫ ਲੋਕਾਂ ਦੇ ਚਲਾਨ ਕੱਟਣ 'ਚ

ਅੰਮ੍ਰਿਤਸਰ, 16 ਜਨਵਰੀ (ਜਤਿੰਦਰ ਸਿੰਘ ਬੇਦੀ, ਸਰਵਨ ਸਿੰਘ ਰੰਧਾਵਾ)- ਮਹਾਂ ਨਗਰ ਅੰਮ੍ਰਿਤਸਰ ‘ਚ ਟ੍ਰੈਫਿਕ ਦਿਨੋ ਦਿਨ ਵੱਧਣ ਕਾਰਨ ਆਮ ਲੋਕਾਂ ਅਤੇ ਰਾਹਗੀਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਾਇਮ ਇੰਨਵੈਸਟੀਗੇਸ਼ਨ ਏਜੰਸੀ (ਸੀ.ਆਈ.ਏ) ਦੇ ਮਾਝਾ ਜ਼ੋਨਲ ਇੰਚਾਰਜ਼ ਸ. ਸੁਖਦੇਵ ਸਿੰਘ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੇਲਵੇ ਸ਼ਟੇਸ਼ਨ ਦੇ ਬਾਹਰ ਰੋਜ਼ਾਨਾ ਲੱਗਣ ਵਾਲੇ ਜਾਮ ਤੋਂ ਸ਼ਹਿਰ ਦੀ ਜਨਤਾ ਕਾਫੀ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਉਝ ਤਾਂ ਇਸ ਰੋਡ ਤੇ ਕਾਫੀ ਜਾਮ ਲੱਗਿਆ ਰਹਿੰਦਾ ਹੈ, ਪਰ ਜਦੋਂ ਵੀ ਰੇਲ ਗੱਡੀ ਦੇ ਅਉਣ ਦਾ ਜਾਂ ਫਿਰ ਜਾਣ ਦਾ ਸਮਾਂ ਹੁੰਦਾ ਹੈ ਤਾਂ ਆਟੋ ਰਿਕਸ਼ਾ ਵਾਲਿਆਂ ਦਾ ਜਮਵਾੜਾ ਲੱਗ ਜਾਂਦਾ ਹੈ।

ਭਾਂਵੇ ਕਿ ਪੁਲਸ ਪ੍ਰਸ਼ਾਸ਼ਨ ਵੱਲੋਂ ਥੋੜੀ ਸਖਤੀ ਵਰਤਣ ਕਾਰਨ ਇੱਥੇ ਟ੍ਰੈਫਿਕ ਸੰਚਾਰੂ ਢੰਗ ਨਾਲ ਸ਼ੁਰੂ ਹੋ ਜਾਂਦੀ ਹੈ, ਪਰ ਪੁਲਸ ਮੁਲਾਜ਼ਮਾਂ ਦੇ ਜਾਣ ਦੇ ਬਾਅਦ ਹੀ ਟ੍ਰੈਫਿਕ ਫਿਰ ਵੱਧ ਜਾਂਦੀ  ਹੈ। ਸ. ਸੰਧੂ ਨੇ ਅੱਗੇ ਦੱਸਿਆ ਕਿ ਟ੍ਰੈਫਿਕ ਦੀ ਸਮੱਸਿਆਂ ਕਾਰਨ ਕਈ ਵਾਰ ਰੇਲਵੇ ਸ਼ਟੇਸ਼ਨ ਤੋਂ ਭੰਡਾਰੀ ਪੁੱਲ ਅਤੇ ਰੇਲਵੇ ਸ਼ਟੇਸ਼ਨ ਤੋਂ ਪੁਤਲੀਘਰ ਤੱਕ ਜਾਣ ਲਈ 40 ਮਿੰਟ ਦਾ ਸਮਾਂ ਲੱਗਦਾ ਹੈ, ਜਦ ਕਿ ਇਹ ਸਫਰ ਸਿਰਫ 10 ਤੋਂ 15 ਮਿੰਟ ਦਾ ਹੈ। ਉਨ੍ਹਾਂ ਕਿਹਾ ਕਿ ਭਾਂਵੇ ਕਿ ਹਰੇਕ ਚੌਂਕ ‘ਚ ਪ੍ਰਸ਼ਾਸ਼ਨ ਵੱਲੋਂ ਟ੍ਰੈਫਿਕ ਪੁਲਸ ਤਾਇਨਾਤ ਕੀਤੀ ਗਈ ਹੈ,ਪਰ ਉਨ੍ਹਾਂ ਦਾ ਜ਼ਿਆਦਾ ਧਿਆਨ ਲੋਕਾਂ ਦੇ ਵਾਹਨਾਂ ਦੇ ਚਲਾਨ ਕੱਟਣ ਵੱਲ ਹੁੰਦਾ ਹੈ ਅਤੇ ਸਥਾਨਕ ਰਾਹਗੀਰ ਟ੍ਰੈਫਿਕ ਦੀ ਸਮੱਸਿਆਂ ਨੂੰ ਬੂਰੀ ਤਰ੍ਹਾਂ ਕੋਸਦੇ ਹੋਏ ਆਪਣੀ ਮੰਜ਼ਿਲ ਵੱਲ ਵੱਧ ਜਾਂਦੇ ਹਨ। ਸ. ਸੁਖਦੇਵ ਸਿੰਘ ਸੰਧੂ ਨੇ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਕੋਲੋ ਜ਼ੋਰਦਾਰ ਸ਼ਬਦਾਂ ‘ਚ ਮੰਗ ਕੀਤੀ ਹੈ ਕਿ ਰੇਲਵੇ ਸ਼ਟੇਸ਼ਨ ਅਤੇ ਪੁਤਲੀਘਰ ਚੌਂਕ ‘ਚ ਦਿਨੋ-ਦਿਨ ਵੱਧ ਰਹੀ ਟ੍ਰੈਫਿਕ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਪੁਲਿਸ ਮੁਲਾਜ਼ਮਾਂ ਦੀਆਂ ਸਖਤ ਡਿਊਟੀਆਂ ਲਗਾਈਆਂ ਜਾਣ ਤਾਂ ਜੋ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੂੰ ਘੰਟਿਆਂਬੰਧੀ ਟ੍ਰੈਫਿਕ ਤੋਂ ਨਿਜਾਤ ਮਿਲ ਸਕੇ।    

Comments are closed.