ਮੇਅਰ ਰਿੰਟੂ ਅਤੇ ਅਮਰਬੀਰ ਸੰਧੂ ਨੇ 10 ਧੀਆਂ ਦੇ ਕਰਵਾਏ ਵਿਆਹ

ਇਕ ਨਵ-ਵਿਆਹੀ ਧੀ ਨੂੰ ਮੇਅਰ ਰਿੰਟੂ ਨੇ ਆਪਣੀ ਨੇਕ ਕਮਾਈ 'ਚੋਂ ਦਿੱਤਾ ਬੁਲਟ ਮੋਟਰਸਾਇਕਲ, ਸੰਧੂ ਬ੍ਰਦਰਜ਼ ਨੇ ਹੁਣ ਤੱਕ ਪੰਜਾਬ ਭਰ ਤੋਂ 6163 ਧੀਆਂ ਦੇ ਕੀਤੇ ਵਿਆਹ

ਅੰਮ੍ਰਿਤਸਰ, 15 ਮਾਰਚ (ਜਤਿੰਦਰ ਸਿੰਘ ਬੇਦੀ, ਰਾਜੂ ਵਾਲੀਆ)- ਕੰਨਿਆ ਦਾਨ ਇਕ ਮਹਾਂ ਦਾਨ ਮੰਨਿਆ ਗਿਆ ਗਿਆ ਹੈ ਅਤੇ ਇਹ ਕਾਰਜ਼ ਜੇਕਰ ਉਨ੍ਹਾਂ ਧੀਆਂ ਦੇ ਹੋਣ ਜੋ ਲੋੜਵੰਦ ਹਨ ਤਾਂ ਇਸ ਤੋਂ ਵੱਡਾ ਕੋਈ ਪਰਉਪਕਾਰ ਨਹੀਂ ਹੋ ਸਕਦਾ। ਕੁਝ ਅਜਿਹਾ ਹੀ ਅੰਮ੍ਰਿਤਸਰ ਦੇ ਉੱਘੇ ਸਮਾਜ ਸੇਵਕ ਭਾਈ ਅਮਰਬੀਰ ਸਿੰਘ ਸੰਧੂ ਅਤੇ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਸ. ਕਰਮਜੀਤ ਸਿੰਘ ਰਿੰਟੂ (ਸੰਧੂ ਬ੍ਰਦਰਜ਼) ਵਲੋਂ ਪਿਛਲੇ ਕਾਫੀ ਸਮੇਂ ਤੋਂ ਲੋੜਵੰਦ ਧੀਆਂ ਦੇ ਵਿਆਹ ਕਰਵਾਉਦੇ ਆ ਰਹੇ ਹਨ। ਸੰਧੂ ਬ੍ਰਦਰਜ਼ ਵੱਲੋਂ ਇਸੇ ਲੜੀ ਨੂੰ ਜਾਰੀ ਰੱਖਦੇ ਹੋਏ ਅੱਜ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਵੇਰਕਾ ਬਾਈਪਾਸ ਵਿਖੇ 10 ਧੀਆਂ ਦੇ ਵਿਆਹ ਕੀਤੇ ਗਏ। ਅੱਜ ਦੇ ਇਸ ਸਮਾਗਮ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਸ਼ੁਭ ਅਵਸਰ ‘ਤੇ ਇਕ ਨਵ-ਵਿਆਹੀ ਧੀ ਨੂੰ ਮੇਅਰ ਸ. ਕਰਮਜੀਤ ਸਿੰਘ ਰਿੰਟੂ ਵੱਲੋਂ ਆਪਣੀ ਨੇਕ ਕਮਾਈ ਵਿੱਚੋਂ ਬੁਲਟ ਮੋਟਰਸਾਇਕਲ ਦਿੱਤਾ ਗਿਆ,ਜਦ ਪੰਡਾਲ ਵਿੱਚ ਆ ਕੇ ਸੰਗਤਾਂ ਨੂੰ ਇਹ ਪਤਾ ਲੱਗਾ ਕਿ ਕਿਸੇ ਇੱਕ ਨਵ-ਵਿਆਹੀ ਧੀ ਨੂੰ ਬੁਲਟ ਮੋਟਰਸਾਇਕਲ ਦਿੱਤਾ ਜਾਣਾ ਹੈ ਤਾਂ ਸੰਗਤਾਂ ਵਿੱਚ ਇਸ ਗੱਲ ਦੀ ਬਹੁਤ ਉਤਸੁਕਤਾ ਬਣੀ ਰਹੀ ਕਿ ਇਹ ਕਿਸ ਭਾਗਾਂ ਵਾਲੀ ਜੋੜੀ ਨੂੰ ਮਿਲੇਗਾ। ਇਹ ਬੁਲਟ ਮੋਟਰਸਾਇਕਲ ਸਰਬਜੀਤ ਕੌਰ ਵਾਸੀ ਇੰਦਰਾ ਕਲੋਨੀ, ਬਟਾਲਾ ਰੋਡ ਨੂੰ  ਮਿਲਿਆ। ਇਸ ਸਬੰਧੀ ਕਿਸੇ ਨੂੰ ਵੀ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ। ਇਸ ਲੜੀ ਵਿੱਚ ਸੰਧੂ ਬ੍ਰਦਰਜ਼ ਹੁਣ ਤੱਕ ਪੰਜਾਬ ਭਰ ਤੋਂ 6163 ਧੀਆਂ ਦੇ ਵਿਆਹ ਕਰਵਾ ਚੁੱਕੇ ਹਨ। ਇੰਨ੍ਹਾਂ ਸਮਾਗਮਾਂ ਦੌਰਾਨ ਕਿਸੇ ਵੀ ਜਾਤ-ਪਾਤ ਦਾ ਭੇਦ ਭਾਵ ਨਹੀਂ ਰੱਖਿਆ ਜਾਂਦਾ, ਸਗੋਂ ਇੰਨਸਾਨੀਅਤ ਨੂੰ ਪਹਿਲ ਦਿੱਤੀ ਜਾਂਦੀ ਹੈ। ਇੱਥੇ ਜ਼ਿਕਰਯੋਗ ਹੈ ਕਿ ਸੰਧੂ ਬ੍ਰਦਰਜ਼ ਵੱਲੋਂ ਆਪਣੀ ਨੇਕ ਕਮਾਈ ਵਿਚੋਂ ਗੁਰੂ ਨਾਨਕ ਹਸਪਤਾਲ ਵਿਖੇ ਰੋਜ਼ਾਨਾ 750 ਮਰੀਜ਼ਾਂ ਲਈ ਲੰਗਰ ਤਿਆਰ ਕਰਕੇ ਭੇਜਿਆ ਜਾਂਦਾ ਹੈ।ਇਸ ਮੋਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਈ ਅਮਰਬੀਰ ਸਿੰਘ ਸੰਧੂ ਅਤੇ ਸ. ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦਾ ਪਰਿਵਾਰ 1998 ਤੋਂ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ, ਠੀਕ ਇਸੇ ਤਰ੍ਹਾਂ ਇਹ ਸਿਲਸਿਲਾ ਨਿਰੰਤਰ ਜਾਰੀ ਰਹੇਗਾ। ਸੰਧੂ ਬ੍ਰਦਰਜ਼ ਹਜ਼ਾਰਾਂ ਧੀਆਂ ਦੇ ਬਾਬੁਲ ਬਣ ਕੇ ਵਿਆਹ ਕਰਵਾਉਣ ਦੇ ਨਾਲ-ਨਾਲ ਲੋੜਵੰਦਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕਰਨ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ ਅਤੇ ਜੋ ਵੀ ਲੋੜਵੰਦ ਉਨ੍ਹਾਂ ਕੋਲ ਆਉਂਦਾ ਹੈ, ਉਹ ਖਾਲੀ ਨਹੀ ਜਾਂਦਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਬਾਬਾ ਰਾਮ ਮੁਨੀ ਜੀ ਸ਼ੇਰੋਂ ਬਾਗਾਂ ਵਾਲੇ, ਰਸ਼ਪਾਲ ਸਿੰਘ ਲਾਲੀ ਘੰਣੂਪੁਰ, ਰਣਜੀਤ ਸਿੰਘ ਸੰਧੂ, ਕੁਲਬੀਰ ਸਿੰਘ ਰੰਧਾਵਾ, ਜਸਬੀਰ ਸਿੰਘ ਰੰਧਾਵਾ, ਰਾਜਬੀਰ ਸਿੰਘ ਬਰਨਾਲਾ, ਰਮਨ ਕੁਮਾਰ ਰਿੱਪਾ, ਰਾਣਾ ਭੱਖਾ, ਗੁਰਮੀਤ ਸਿੰਘ ਗ੍ਰੰਥੀ, ਸੁਖਵੰਤ ਸਿੰਘ ਮੈਨੇਜਰ, ਹਰਪ੍ਰੀਤ ਸਿੰਘ ਮੀਤ ਮੈਨੇਜਰ, ਸੁਖਦੇਵ ਸਿੰਘ, ਕੁਲਬੀਰ ਸਿੰਘ ਆਦਿ ਪ੍ਰਮੁੱਖ ਸ਼ਖਸੀਅਤਾਂ ਨੇ ਹਾਜ਼ਰੀ ਲਗਵਾਈ।

 

Comments are closed.