ਮੇਰੇ ਲੜਕੇ ਦੇ ਕਾਤਲ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਦੂਰ

ਲੜਕੇ ਦੇ ਕਾਤਲ ਖੁੱਲੇਆਮ ਘੁੰਮ ਫਿਰ ਰਹੇ ਹਨ। ਦੋਸ਼ੀਆਂ ਨੂੰ ਜਮਾਨਤਾਂ ਮਿਲਣ ਤੋਂ ਬਾਅਦ ਵੀ ਜਾਨੋ ਮਾਰਨ ਦੀਆਂ ਮਿਲ ਰਹੀਆ ਨੇ ਧਮਕੀਆਂ

ਅੰਮ੍ਰਿਤਸਰ, 1 ਫਰਵਰੀ (ਸਰਵਨ ਸਿੰਘ ਰੰਧਾਵਾ, ਹਰਪਾਲ ਭੰਗੂ, ਬੇਦੀ)- ਆਪਣੇ ਲੜਕੇ ਦੇ ਕਾਤਲਾਂ ਨੂੰ ਜੇਲ੍ਹ ਦੀਆਂ ਸਿਲਾਖਾ ਪਿੱਛੇ ਭੇਜਣ ਲਈ ਪੁਲਿਸ ਅਫਸਰਾਂ ਦੇ ਦਫਤਰਾਂ ਦੇ ਬਾਰ-ਬਾਰ ਚੱਕਰ ਕੱਟ ਰਹੀ ਪੀੜ੍ਹਤ ਮਹਿਲਾ ਜੀਤ ਕੋਰ ਪਤਨੀ ਰਾਜਵਿੰਦਰ ਸਿੰਘ ਵਾਸੀ ਨਵੀ ਅਬਾਦੀ, ਫੈਜਪੁਰਾ, ਮਜੀਠਾ ਰੋਡ ਅੰਮ੍ਰਿਤਸਰ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਮਿਤੀ 16 ਅਪ੍ਰੈਲ 2019 ਨੂੰ ਲਾਗਤ ਬਾਜ਼ੀ ਨਾਲ ਕੁੱਝ ਵਿਅਕਤੀਆਂ ਨੇ ਉਸ ਦੇ ਲੜਕੇ ਆਸੀਸ਼ ਨੂੰ ਪਿੰਡ ਮਾਹਲ ਵਿੱਖੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਉਹ ਹਸਪਤਾਲ ‘ਚ ਜੇਰੇ ਇਲਾਜ਼ ਸੀ ਤੇ ਉਸ ਦੇ ਬਿਆਨਾ ਤੇ ਹੀ ਦੋਸ਼ੀਆਂ ਖਿਲਾਫ ਮੁਕੱਦਮਾ ਨੰ: 57 ਤਹਿਤ ਧਾਰਾ 307, 506, 148, 149 ਆਈ.ਪੀ.ਸੀ ਅਧੀਨ ਥਾਣਾ ਛੇਹਰਟਾ ਦੀ ਪੁਲਿਸ ਵੱਲੋਂ ਮਾਮਲਾ ਦਰਜ਼ ਕੀਤਾ ਗਿਆ ਸੀ।

ਇਸ ਉਪਰੰਤ ਮਿਤੀ 23 ਅਪ੍ਰੈਲ 2019 ਨੂੰ ਉਸ ਦੇ ਲੜਕੇ ਆਸੀਸ਼ ਦੀ ਜੇਰੇ ਇਲਾਜ਼ ਦੋਰਾਨ ਹਸਪਤਾਲ ‘ਚ ਮੌਤ ਹੋ ਗਈ ਸੀ ਅਤੇ ਪੁਲਿਸ ਨੇ ਜੁਰਮ ‘ਚ ਵਾਧਾ ਕਰਦੇ ਹੋਏ ਦੋਸ਼ੀਆਂ ਖਿਲਾਫ ਧਾਰਾ 302 ਵੀ ਲਗਾਈ ਸੀ ਅਤੇ ਪੁਲਿਸ ਨੇ ਇਸ ਮਾਮਲੇ ‘ਚ ਕਰੀਬ 9 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ, ਪਰ ਇੰਨ੍ਹਾਂ ਸਮਾਂ ਬੀਤ ਜਾਣ ਦੇ ਬਾਵਜ਼ੂਦ ਵੀ ਥਾਣਾ ਛੇਹਰਟਾ ਦੀ ਪੁਲਿਸ ਇੰਨ੍ਹਾਂ 9 ਦੋਸ਼ੀਆਂ ਵਿਚੋਂ ਸਾਹਿਬ ਸਿੰਘ ਉਰਫ ਸਾਬਾ ਡੰਗਰ, ਅਰਪਿੰਦਰ ਅਤੇ ਯਸ਼ ਨੂੰ ਅਜੇ ਤੱਕ ਗ੍ਰਿਫਤਾਰ ਨਹੀ ਕਰ ਸਕੀ ਅਤੇ ਉਹ ਸ਼ਰੇਆਮ ਸ਼ਹਿਰ ਵਿਚ ਘੁੰਮ ਫਿਰ ਰਹੇ ਹਨ। ਪੀੜ੍ਹਤ ਜੀਤ ਕੋਰ ਨੇ ਅੱਗੇ ਦੱਸਿਆ ਕਿ ਇਸ ਮਕੱਦਮੇ ਦੇ ਬਾਕੀ ਦੋਸ਼ੀਆਂ ਅਸ਼ੋਕ ਕੁਮਾਰ ਉਰਫ ਘੋਚਾ ਅਤੇ ਬਲਵੀਰ ਸਿੰਘ ਉਰਫ ਬਿੱਟੂ ਨੂੰ ਮਾਣਯੋਗ ਅਦਾਲਤ ਵੱਲੋਂ ਜਮਾਨਤ ਮਿਲ ਗਈ ਹੈ ਅਤੇ ਹੁਣ ਉਕਤ ਦੋਸ਼ੀ ਮਿਲ ਕੇ  ਉਹ ਸਾਡੇ ਤੇ ਰਾਜੀਨਾਮੇ ਦਾ ਦਬਾ ਪਾ ਕੇ ਲਗਾਤਾਰ ਜਾਨੋ ਮਾਰਨ ਦੀਆਂ ਧਮਕੀਆਂ ਲਗਾ ਰਹੇ ਹਨ।ਉਨ੍ਹਾਂ ਦੱਸਿਆ ਕਿ ਮਿਤੀ 2 ਜਨਵਰੀ 2020 ਨੂੰ ਜਦ ਉਹ ਬਜ਼ਾਰ ਜਾ ਰਹੀ ਸੀ ਤਾਂ ਉਕਤ ਬਲਵੀਰ ਸਿੰਘ ਉਰਫ ਬਿੱਟੂ ਆਪਣੇ ਘਰ ਦੇ ਬਾਹਰ ਖੜਾ ਸੀ ਤੇ ਉਸ ਨੇ ਮੈਨੂੰ ਰੋਕ ਕੇ ਰਾਜੀਨਾਮੇ ਦਾ ਦਬਾ ਪਾਉਦੇ ਹੋਏ ਕਾਫੀ ਗਾਲੀ-ਗਲੋਚ ਕੀਤਾ ਅਤੇ ਧਮਕੀਆਂ ਦਿੱਤੀਆਂ ਕਿ ਜੇਕਰ ਤੂੰ ਸਾਡੇ ਨਾਲ ਰਾਜੀਨਾਮਾ ਨਾ ਕੀਤਾ ਤਾਂ ਤੇਰਾ ਤੇ ਤੇਰੇ ਪਰਿਵਾਰ ਨੂੰ ਵੀ ਤੇਰੇ ਬੇਟੇ ਆਸੀਸ਼ ਕੋਲ ਭੇਜਣ ਦਾ ਇੰਤਜਾਮ ਕਰ ਦੇਵਾਂਗੇ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਕਾਫੀ ਝਗੜਾਲੂ ਅਤੇ ਕ੍ਰਿਮਿਨਲ ਕਿਸਮ ਦੇ ਲੋਕ ਹਨ ਅਤੇ ਉਨ੍ਹਾਂ ਤੇ ਕਈ ਮਕੱਦਮੇ ਵੀ ਦਰਜ਼ ਹਨ। ਪੀੜ੍ਹਤ ਜੀਤ ਕੋਰ ਨੇ ਇੰਨ੍ਹਾਂ ਸਾਰੇ ਦੋਸ਼ੀਆਂ ਪਿੱਛੇ ਹਲਕਾ ਵਿਧਾਇਕ, ਕੋਸਲਰ ਅਤੇ ਪੁਲਿਸ ਦੀ ਕਥਿਤ ਮਿਲੀ ਭੁਗਤ ਦਾ ਦੋਸ਼ ਲਗਾਉਦਿਆ ਕਿਹਾ ਕਿ ਇੰਨ੍ਹਾਂ ਦੇ ਕਾਰਨ ਹੀ ਉਸ ਦੇ ਲੜਕੇ ਦੇ ਕਾਤਲ ਅੱਜ ਸ਼ਰੇਆਮ ਤੇ ਖੁੱਲੇਆਮ ਘੁੰਮ ਫਿਰ ਰਹੇ ਹਨ, ਪਰ ਕਾਫੀ ਸਮਾਂ ਬੀਤ ਜਾਣ ਦੇ ਬਾਵਜ਼ੂਦ ਵੀ ਪੁਲਿਸ ਵੱੱਲੋਂ ਉਕਤ ਦੋਸ਼ੀਆਂ ਨੂੰ ਗ੍ਰਿਫਤਾਰ ਨਹੀ ਕੀਤਾ ਜਾ ਰਿਹਾ।

ਜੀਤ ਕੋਰ ਨੇ ਕਿਹਾ ਕਿ ਜੇਕਰ ਭਵਿੱਖ ਵਿਚ ਮੇਰਾ ਜਾਂ ਮੇਰੇ ਕਿਸੇ ਪਰਿਵਾਰਕ ਮੈਂਬਰ ਦਾ ਕੋਈ ਜਾਨੀ ਜਾਂ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਸਿੱਧੇ ਤੌਰ ‘ਤੇ ਜ਼ਿੰਮੇਵਾਰ ਉਕਤ ਦੋਸ਼ੀ, ਹਲਕਾ ਵਿਧਾਇਕ, ਕੋਸਲਰ ਅਤੇ ਪੁਲਿਸ ਪ੍ਰਸ਼ਾਸ਼ਨ ਹੋਵੇਗਾ। ਉਨ੍ਹਾਂ ਅਖੀਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀ.ਜੀ.ਪੀ. ਪੰਜਾਬ ਅਤੇ ਮਨੁੱਖੀ ਅਧਿਕਾਰ ਕਮਿਸ਼ਨ ਕੋਲੋ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਉਸ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸਿਲਾਖਾ ਪਿੱਛੇ ਭੇਜਿਆ ਜਾਵੇ। ਇਸ ਮੋਕੇ ਨਿਸ਼ਾਨ ਸਿੰਘ, ਬੀਰ ਕੋਰ, ਸੁਰਿੰਦਰ ਕੋਰ, ਕਮਲੇਸ਼ ਕੋਰ, ਛਿੰਦੋ ਅਤੇ ਹੋਰ ਮਹੁੱਲਾ ਵਾਸੀ ਹਾਜ਼ਰ ਸਨ।
ਕੀ ਕਹਿੰਦੇ ਹਨ ਥਾਣਾ ਮੁੱਖੀ
ਇਸ ਸਬੰਧੀ ਜਦ ਥਾਣਾ ਮੁੱਖੀ ਮੈਡਮ ਰਾਜਵਿੰਦਰ ਕੋਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਅਤੇ ਜਲਦ ਹੀ ਦੋਸ਼ੀਆ ਨੂੰ ਜੇਲ੍ਹ ਦੀਆਂ ਸਿਲਾਖਾ ਪਿੱਛੇ ਭੇਜਿਆ ਜਾਵੇਗਾ।

Comments are closed.